ਇਕੋ ਘਰ ਦੇ ਜੀਅ ਹਨ ਸਾਰੇ, ਪਰ ਸੋਚਾਂ ਦੇ ਵੰਡੇ ਹੋਏ।
ਕੁਝ ਫੁੱਲਾਂ ਦੀ ਜੂਨੇ ਪੈ ਗਏ, ਕੁਝ ਰਾਹਾਂ ਦੇ ਕੰਡੇ ਹੋਏ।
ਦੁਨੀਆ ਦੀ ਹਰ ਮਿੱਠੜੀ ਗੱਲ ਵੀ ਉਹਨਾਂ ਦੇ ਲਈ ਕੌੜੀ ਏ,
ਜਿਨਾਂ ਮਨਾਂ ਨੇ ਸੋਚ ਦੇ ਖੁਰਪੇ ਨਫਰਤ ਦੇ ਨਾਲ ਚੰਡੇ ਹੋਏ।
ਸਿਖਰ ਦੁਪਹਿਰੇ ਜਿਹੜੇ ਸੂਰਜ ਧੁੱਪ ਤਿਖੇਰੀ ਵੰਡਦੇ ਸੀ,
ਸ਼ਾਮ ਪਈ ਤੇ ਉਹੀਓ ਸੂਰਜ ਨ੍ਹੇਰੇ ਦੇ ਵਿੱਚ ਠੰਡੇ ਹੋਏ।
ਜੀਵਣ ਇੱਕ ਕਿਤਾਬ ਹੈ ਜਿਸਨੂੰ ਪੜਦੇ-ਪੜਦੇ ਤੁਰ ਜਾਣਾ,
ਤਾਂਹੀਓ ਧੋਖਾ ਖਾ ਜਾਂਦੇ ਕਈ ਜੀਵਣ ਦੇ ਵਿੱਚ ਹੰਡੇ ਹੋਏ।
ਸਾਵਣ ਆਵਣ ਬੱਦਲ ਵਰਸਣ ਮਨ ਦੀ ਧਰਤੀ ਪਿਆਸੀ ਰਹਿੰਦੀ,
ਬਹੁਤੀ ਦੇਰ ਨਹੀਂ ਚਲਦੇ ਰਿਸ਼ਤੇ ਮਤਲਬ ਦੇ ਨਾਲ ਗੰਡੇ ਹੋਏ।
ਵਕਤ ਦੀ ਭੱਠੀ ਦੇ ਵਿੱਚ ਪੈ ਕੇ ਕੀ-ਕੀ ਬਣਿਆ ਹੈ ਇਸ ਦਾ,
ਕੁਝ ਇਸ ਦੇ ਔਜ਼ਾਰ ਬਣ ਗਏ ਕੁੱਝ ਤਲਵਾਰਾਂ ਖੰਡੇ ਹੋਏ।
1-917-776-9956
No Comments